ਸੱਚੀ ਘਟਨਾ ਚੌਪਿਹਰਾ ਸਾਹਿਬ
ਇਹ ਸੱਚੀ ਘਟਨਾ ਇਕ ਬੀਬੀ ਨੇ ਖੁਦ ਕਿਸੇ ਗੁਰਸਿੱਖ ਨੂੰ ਸੁਣਾਈ ਸੀ ਜੋ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ।
ਇਹ ਬੀਬੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਸੀ। ਜਿਸਨੂੰ ਪਹਿਲਾਂ ਤਾਂ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪ੍ਰੰਤੂ ਵਿਆਹ ਤੋਂ ਕੁਝ ਸਮਾਂ ਪਹਿਲਾਂ ਇਸਨੇ ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿੱਚੋਂ ਇਸਨੂੰ ਬਾਬਾ ਦੀਪ ਸਿੰਘ ਬਾਰੇ ਪਤਾ ਲੱਗਾ। ਬਾਬਾ ਦੀਪ ਸਿੰਘ ਪ੍ਰਤੀ ਸ਼ਰਧਾ ਤੇ ਵਿਸ਼ਵਾਸ਼ ਇਸਦੇ ਮਨ ਵਿੱਚ ਘਰ ਕਰ ਗਿਆ ਅਤੇ ਇਸਨੇ ਪਾਠ ਕਰਨਾ ਵੀ ਸ਼ੁਰੂ ਕਰ ਦਿੱਤਾ। ਇਸਦੇ ਅੰਦਰ ਸਿੱਖੀ ਪ੍ਰਤੀ ਪ੍ਰੇਮ ਇਤਨਾ ਪਰਬਲ ਹੋਇਆ ਕਿ ਇਸਨੇ ਮਨ ਹੀ ਮਨ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਮੇਰਾ ਵਿਆਹ ਕਿਸੇ ਸਿੱਖ ਪਰਿਵਾਰ ਵਿੱਚ ਹੀ ਹੋਵੇ।
ਜਦ ਇਸਦਾ ਸੌਹਰਾ ਪਰਿਵਾਰ ਇਸਨੂੰ ਦੇਖਣ ਆਇਆ ਤਾਂ ਇਸਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਸਾਡੀ ਬੇਟੀ ਗੁਰਬਾਣੀ ਬਹੁਤ ਪੜ੍ਹਦੀ ਹੈ। ਇਹ ਸੁਣ ਇਸ ਬੀਬੀ ਦਾ ਸੌਹਰਾ ਪਰਿਵਾਰ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗਾ ਅਤੇ ਜਦ ਉਹ ਅਗਲੀ ਵਾਰ ਆਏ ਤਾਂ ਇਸਦੇ ਸੌਹਰਾ ਅਤੇ ਸੱਸ ਦੋਨਾਂ ਨੇ ਕਿਰਪਾਨਾਂ ਪਾਈਆਂ ਹੋਈਆਂ ਸਨ ਤੇ ਉਨ੍ਹਾਂ ਦੱਸਿਆ ਕਿ ਅਸੀਂ ਅੰਮ੍ਰਿਤ ਛੱਕ ਲਿਆ ਹੈ।
ਵਿਆਹ ਤੋਂ ਕੁਝ ਸਮਾਂ ਬਾਅਦ ਹੀ ਇਸ ਬੀਬੀ ਦੇ ਸੌਹਰਾ ਪਰਿਵਾਰ ਨੇ ਪਾਈਆਂ ਕਿਰਪਾਨਾਂ ਲਾਹ ਦਿੱਤੀਆਂ ਅਤੇ ਦਾਰੂ ਮੀਟ ਦਾ ਸੇਵਨ ਸ਼ੁਰੂ ਕਰ ਦਿੱਤਾ। ਇਹ ਦੇਖ ਬੀਬੀ ਬਹੁਤ ਹੈਰਾਨ ਹੋਈ ਅਤੇ ਉਸਨੂੰ ਇਸ ਗੱਲ ਦਾ ਗਿਆਤ ਹੋਇਆ ਕਿ ਮੇਰੇ ਸੌਹਰਾ ਪਰਿਵਾਰ ਨੇ ਵਿਆਹ ਕਰਵਾਉਣ ਦੀ ਖਾਤਿਰ ਅੰਮ੍ਰਿਤ ਛਕਣ ਵਾਲਾ ਨਾਟਕ ਕੀਤਾ ਸੀ। ਪਰ ਅੰਦਰੋਂ ਇਹ ਸਿੱਖੀ ਤੋਂ ਕੋਹਾਂ ਦੂਰ ਹੀ ਨਹੀਂ ਬਲਕਿ ਇਨ੍ਹਾਂ ਨੂੰ ਸਿੱਖੀ ਬਾਰੇ ਕੁੱਝ ਵੀ ਨਹੀਂ ਪਤਾ।
ਪ੍ਰੰਤੂ ਇਹ ਬੀਬੀ ਆਪਣੇ ਨੇਮ ਅਨੁਸਾਰ ਅੰਮ੍ਰਿਤ ਵੇਲੇ ਉੱਠਦੀ ਬਾਣੀ ਪੜ੍ਹਦੀ ਅਤੇ ਗੁਰਦੁਆਰਾ ਸਾਹਿਬ ਜਾਂਦੀ। ਗੁਰਦੁਆਰਾ ਸਾਹਿਬ ਜਾਂਦਿਆਂ ਇਸਨੂੰ ਚੁਪਹਿਰਾ ਸਾਹਿਬ ਦਾ ਪਤਾ ਲੱਗਾ ਤਾਂ ਚੁਪਹਿਰੇ ਵਿੱਚ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੱਤੀ। ਜਿਸਤੇ ਇਸਦੇ ਸੌਹਰਾ ਪਰਿਵਾਰ ਨੇ ਨੋਕ ਝੋਕ ਕਰਨੀ ਸ਼ੁਰੂ ਕਰ ਦਿੱਤੀ ਕਿ ਤੂੰ ਕੰਮ ਕਰਨ ਦੀ ਮਾਰੀ ਸਾਰਾ ਸਾਰਾ ਦਿਨ ਗੁਰਦੁਆਰੇ ਜਾਕੇ ਬੈਠੀ ਰਹਿੰਦੀ ਹੈ। ਪ੍ਰੰਤੂ ਇਸ ਬੀਬੀ ਨੇ ਆਪਣੇ ਨੇਮ ਨਾ ਛੱਡਿਆ। ਇਕ ਦਿਨ ਜਦ ਇਹ ਬੀਬੀ ਚੁਪਹਿਰਾ ਕੱਟਣ ਗਈ ਸੀ ਤਾਂ ਮਗਰੋਂ ਇਸਦੇ ਪਤੀ ਦੇ ਕੁਝ ਦੋਸਤ ਆਏ ਜਿਨ੍ਹਾਂ ਦੀ ਆਓ ਭਗਤ ਕਰਨ ਲਈ ਇਹ ਬੀਬੀ ਘਰ ਵਿੱਚ ਮੌਜੂਦ ਨਹੀਂ ਸੀ। ਜਿਸਤੇ ਘਰ ਵਿੱਚ ਕਲੇਸ਼ ਪੈਣਾ ਸੁਭਾਵਿਕ ਹੀ ਸੀ। I ਗੱਲ ਇਥੋਂ ਤੱਕ ਵੱਧ ਗਈ ਕਿ ਕੁੜੀ ਦੇ ਸੌਹਰਾ ਪਰਿਵਾਰ ਨੇ ਉਸਦੀ ਕੁੱਟਮਾਰ ਵੀ ਕੀਤੀ। ਜਿਸਤੇ ਇਹ ਬੀਬੀ ਸਾਰੀ ਰਾਤ ਰੋਂਦੀ ਰਹੀ ਅਤੇ ਰੋਂਦੀ ਹੋਈ ਨੇ ਮਨ ਹੀ ਮਨ ਅਰਦਾਸ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਸੌਹਰਾ ਪਰਿਵਾਰ ਨੂੰ ਇਕ ਮਹੀਨੇ ਦੇ ਅੰਦਰ-2 ਅਜਿਹਾ ਸਬਕ ਸਿਖਾਓ ਕਿ ਇਹ ਯਾਦ ਰੱਖਣ ਜੇਕਰ ਇਕ ਮਹੀਨੇ ਵਿੱਚ ਇਨ੍ਹਾਂ ਨੂੰ ਕੋਈ ਸਬਕ ਨਾ ਮਿਲਿਆ ਤਾਂ ਮੈਂ ਤੁਹਾਡਾ ਦਰ ਛੱਡ ਦੇਣਾ ਹੈ ਤੇ ਗੁਰਬਾਣੀ ਦੇ ਗੁਟਕੇ ਗੁਰਦੁਆਰਾ ਸਾਹਿਬ ਚੜ੍ਹਾ ਆਉਣੇ ਹਨ। ਰੋਂਦੀ ਹੋਈ ਇਹ ਅਰਦਾਸਾਂ ਕਰਦੀ ਰਹੀਂ।
ਜਦ ਸਵੇਰ ਹੋਈ ਤਾਂ ਬੀਬੀ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਜਾਣ ਲੱਗੀ ਤਾਂ ਇਸਦੇ ਸੌਹਰਾ ਪਰਿਵਾਰ ਨੇ ਗੁਰਦੁਆਰਾ ਸਾਹਿਬ ਜਾਨ ਤੋਂ ਵੀ ਜਵਾਬ ਦੇ ਦਿੱਤਾ ਕਿ ਤੂੰ ਕਿਤੇ ਨਹੀਂ ਜਾਣਾ ਅੱਜ ਤੋਂ ਬਾਅਦ ਤੇਰਾ ਗੁਰਦੁਆਰੇ ਜਾਣਾ ਬੰਦ। ਜਿਸਤੇ ਇਸ ਬੀਬੀ ਨੂੰ ਹੋਰ ਵੀ ਜ਼ਿਆਦਾ ਦੁੱਖ ਲੱਗਾ ਤੇ ਇਕ ਦਿਨ ਇਹ ਬੀਬੀ ਮੌਕਾ ਦੇਖਕੇ ਗੁਰਦੁਆਰਾ ਸਾਹਿਬ ਪਹੁੰਚ ਗਈ। ਉਥੇ ਜਾਕੇ ਫਿਰ ਤੋਂ ਅਰਦਾਸ ਕੀਤੀ ਕਿ ਮੇਰੇ ਸੌਹਰਿਆਂ ਨੂੰ ਦੋ ਦਿਨਾ ਵਿੱਚ ਸਬਕ ਮਿਲੇ। ਅਰਦਾਸ ਅਜਿਹੀ ਹੋਈ ਕਿ ਇਸ ਬੀਬੀ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਕੌਮਾਂ ਵਿੱਚ ਚਲਾ ਗਿਆ।
ਹਸਪਤਾਲ ਵਿੱਚ ਬੈਠੀ ਇਹ ਬੀਬੀ ਰੌਣ ਲੱਗੀ ਅਤੇ ਆਪਣੀ ਕੀਤੀ ਅਰਦਾਸ ਤੇ ਪਛਤਾਵਾ ਕਰਨ ਲੱਗੀ ਕਿ ਇਹ ਮੈਂ ਗੁੱਸੇ ਵਿੱਚ ਕੀ ਮੰਗ ਬੈਠੀ ਹਾਂ। ਜਿਸਤੋਂ ਬਾਅਦ ਇਸ ਬੀਬੀ ਵੱਲੋਂ ਫਿਰ ਤੋਂ ਅਰਦਾਸਾਂ ਕੀਤੀਆਂ ਗਈਆਂ ਅਤੇ ਆਪਣੀ ਅਜਿਹੀ ਮੰਗ ਲਈ ਪਛਚਾਤਾਪ ਕੀਤਾ ਗਿਆ। ਬੀਬੀ ਲਗਾਤਾਰ ਪਾਠ ਕਰਦੀ ਰਹੀ ਤੇ ਅਰਦਾਸਾਂ ਕਰਦੀ ਰਹੀ। ਥੋੜ੍ਹੇ ਦਿਨ ਬਾਅਦ ਉਸਦੇ ਪਤੀ ਨੂੰ ਹੋਸ਼ ਆਇਆ ਅਤੇ ਹਸਪਤਾਲੋਂ ਛੁੱਟੀ ਮਿਲ ਗਈ।
ਘਰ ਆਕੇ ਉਸਦੇ ਪਤੀ ਨੇ ਬੀਬੀ ਨੂੰ ਕਿਹਾ ਕਿ ਤੂੰ ਗੁਰਦੁਆਰਾ ਸਾਹਿਬ ਜਾਇਆ ਕਰ ਅਤੇ ਚੌਪਿਹਰਾ ਸਾਹਿਬ ਦੀ ਸੇਵਾ ਵੀ ਨਿਭਾਇਆ ਕਰ ਮੈਨੂੰ ਕੋਈ ਇਤਰਾਜ਼ ਨਹੀਂ। ਆਪਣੇ ਪਤੀ ਦਾ ਬਦਲਿਆ ਰੂਪ ਦੇਖਕੇ ਬੀਬੀ ਨੇ ਪੁੱਛਿਆ ਕਿ ਇਕਦਮ ਇਤਨਾ ਬਦਲਾਅ ਕਿਵੇਂ ਤਾਂ ਉਸਦੇ ਪਤੀ ਨੇ ਦੱਸਿਆ ਕਿ ਜਦ ਮੈਂ ਕੌਮਾਂ ਵਿੱਚ ਸੀ ਤਾਂ ਮੈਨੂੰ ਜਮਦੂਤ ਲੈ ਗਏ ਸਨ। ਮੈਨੂੰ ਕੁੱਟਮਾਰ ਰਹੇ ਸਨ ਮੈਨੂੰ ਬਹੁਤ ਭੁੱਖ ਅਤੇ ਪਿਆਸ ਲੱਗੀ ਸੀ ਪ੍ਰੰਤੂ ਉਹ ਨਾ ਤਾਂ ਮੈਨੂੰ ਕੁਝ ਖਾਣ ਨੂੰ ਦਿੰਦੇ ਸਨ ਤੇ ਨਾ ਹੀ ਪੀਣ ਨੂੰ। ਇਕ ਦਮ ਇਕ ਆਵਾਜ਼ ਆਈ ਜਿਸਨੇ ਮੈਨੂੰ ਛੱਡ ਦੇਣ ਲਈ ਕਿਹਾ ਤਾਂ ਜਮਦੂਤਾਂ ਨੇ ਮੈਨੂੰ ਛੱਡ ਦਿੱਤਾ ਅਤੇ ਜਦ ਮੈਂ ਉਸ ਆਵਾਜ਼ ਵੱਲ ਧਿਆਨ ਕੀਤਾ ਤਾਂ ਮੈਨੂੰ ਉਹ ਆਕਾਰ ਬਾਬਾ ਦੀਪ ਸਿੰਘ ਜੀ ਦਾ ਜਾਪਿਆ ਜਿਨ੍ਹਾਂ ਨੇ ਹੱਥ ਵਿੱਚ ਖੰਡਾ ਫੜਿਆ ਹੋਇਆ ਸੀ।
ਜਦ ਮੁੰਡੇ ਨੇ ਇਹ ਸਾਰੀ ਘਟਨਾ ਆਪਣੀ ਪਤਨੀ ਅਤੇ ਮਾਤਾ ਪਿਤਾ ਨੂੰ ਦੱਸੀ ਤਾਂ ਉਹ ਸਭ ਬਹੁਤ ਹੈਰਾਨ ਹੋਏ ਅਤੇ ਉਸ ਬੀਬੀ ਪਾਸੋਂ ਮੁਆਫੀਆਂ ਮੰਗਣ ਲੱਗੇ ਕਿ ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ। ਇਸ ਸਮੇਂ ਦੋਨੋਂ ਜੀਅ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਚੌਪਹਿਰਾ ਸਾਹਿਬ ਦੀ ਸੇਵਾ ਕਰਦੇ ਹਨ।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏
Harmanpreet Singh 🙏