ਖੋਤੇ ਉੱਤੇ ਸ਼ੇਰ ਦੀ ਖੱਲ
ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਸੀ । ਗੁਰੂ ਸਾਹਿਬ ਆਪਣੇ ਸਿੰਘਾਸਣ ਤੇ ਬਿਰਾਜਮਾਨ ਸਨ । ਰਾਗੀ ਸਿੰਘਾਂ ਨੇ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਗੁਰਬਾਣੀ ਦਾ ਸੁੰਦਰ ਗਾਇਨ ਕੀਤਾ । ਉਪਰੰਤ ਗੁਰਮਤਿ ਦੇ ਵਿਦਵਾਨਾਂ ਨੇ ਸਿੱਖ ਧਰਮ ਦੇ ਉੱਤਮ ਉਪਦੇਸ਼ਾਂ ਦੀ ਵਿਆਖਿਆ ਕੀਤੀ । ਇੰਨੇ ਵਿੱਚ ਦਸ ਪੰਦਰਾਂ ਸਿੰਘਾਂ ਦੀ ਇੱਕ ਟੋਲੀ ਬਾਹਰ ਵਾਲੇ ਪਾਸਿਓਂ ਦੀਵਾਨ ਵਿੱਚ ਦਾਖਲ ਹੋਈ । ਇਸ ਟੋਲੀ ਦੇ ਪਿੱਛੇ ਕਈ ਬੱਚੇ, ਜੁਆਨ ਅਤੇ ਬਿਰਧ ਉੱਚੀ ਉੱਚੀ ਹੱਸਦੇ ਆ ਰਹੇ ਸਨ । ਇਨ੍ਹਾਂ ਸਿੰਘਾਂ ਦੇ ਪਾਸ ਇੱਕ ਖੋਤਾ ਸੀ ਜੋ ਦੀਵਾਨ ਵਿੱਚ ਦਾਖ਼ਲ ਹੋਣ ਸਮੇਂ ਬਾਹਰ ਬੰਨ ਦਿੱਤਾ ਗਿਆ ਸੀ । ਮੁਹਰਲੇ ਇੱਕ ਸਿੰਘ ਨੇ ਸੇਰ ਦੀ ਇੱਕ ਸੁੰਦਰ ਖੱਲ ਮੋਢੇ ਉੱਤੇ ਧਰੀ ਹੋਈ ਸੀ ।
ਜਦੋਂ ਸਭ ਸਿੰਘ ਮੱਥਾ ਟੇਕ ਚੁੱਕੇ ਤਾਂ ਗੁਰੂ ਪਾਤਸ਼ਾਹ ਨੇ ਮੁਹਰਲੇ ਸਿੰਘ ਨੂੰ ਸਾਰੀ ਵਿੱਥਿਆ ਦੱਸਣ ਲਈ ਹੁਕਮ ਦਿੱਤਾ । ਉਸ ਸਿੰਘ ਨੇ ਦੱਸਣਾ ਸ਼ੁਰੂ ਕੀਤਾ ਕਿ ਪਿਛਲੇ ਤਿੰਨ ਦਿਨਾਂ ਤੋਂ ਸ਼ਹਿਰ ਦੇ ਪੱਛਮ ਵੱਲ ਕਈ ਵਿਅਕਤੀਆਂ ਨੇ ਇੱਕ ਸ਼ੇਰ ਦੇ ਆਉਣ ਦੀ ਖ਼ਬਰ ਦਿੱਤੀ ਸੀ । ਉਸ ਪਾਸੇ ਲੋਕ ਡਰਦੇ ਜਾਂਦੇ ਨਹੀਂ ਸਨ । ਸ਼ੇਰ ਦੀ ਚਰਚਾ ਸਾਰੇ ਨਗਰ ਵਿਚ ਛਿੜੀ ਪਈ ਸੀ । ਅੱਜ ਮੇਰੇ ਨਗਰ ਦਾ ਘੁਮਿਆਰ ਆਪਣੇ ਕੁਝ ਖੋਤੇ ਲੈ ਕੇ ਨਗਰ ਦੇ ਬਾਹਰ ਜਾ ਰਿਹਾ ਸੀ । ਕੁੱਤਿਆਂ ਨੂੰ ਵੇਖ ਕੇ ਉਹ ਸ਼ੇਰ ਹੀਂਗਣ ਲੱਗ ਪਿਆ । ਘੁਮਿਆਰ ਨੂੰ ਸ਼ੇਰ ਦੀ ਅਸਲੀਅਤ ਦਾ ਪਤਾ ਪਤਾ ਲੱਗ ਗਿਆ ਕਿ ਉਹ ਸ਼ੇਰ ਨਹੀਂ ਸੀ ਸਗੋਂ ਖੋਤਾ ਸੀ ਜਿਸਤੇ ਕਿਸੇ ਨੇ ਬੜੀ ਸਾਵਧਾਨੀ ਨਾਲ ਸੇਰ ਦੀ ਖੱਲ ਪਾ ਦਿੱਤੀ ਸੀ ਤਾਂ ਕਿ ਵੇਖਣ ਵਾਲੇ ਨੂੰ ਖੋਤਾ ਸ਼ੇਰ ਨਜ਼ਰ ਆਵੇ । ਘੁਮਿਆਰ ਨੇ ਖੋਤੇ ਉੱਪਰੋਂ ਸ਼ੇਰ ਵਾਲੀ ਖ਼ਾਲ ਉਤਾਰ ਲਈ ਜੋ ਅਸੀਂ ਉਸ ਤੋਂ ਲੈ ਕੇ ਆਪ ਹਾਜ਼ਿਰ ਹੋਏ ਹਾਂ । ਖੋਤਾ ਵੀ ਬਾਹਰ ਬੰਨ੍ਹਿਆ ਹੋਇਆ ਹੈ, ਜਿਸ ਤੋਂ ਖੱਲ ਲਾਹ ਕੇ ਲਿਆਂਦੀ ਹੈ । ਸਿੰਘ ਨੇ ਸਾਰੀ ਕਹਾਣੀ ਸੁਣਾ ਦਿੱਤੀ ।
ਸਾਰੀ ਸੰਗਤ ਵਿੱਚ ਇਹ ਵਿੱਥਿਆ ਸੁਣ ਕੇ ਹਾਸਾ ਮੱਚ ਗਿਆ । ਗੁਰੂ ਕਲਗੀਧਰ ਪਾਤਸ਼ਾਹ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ ਸਿੰਘੋਂ ! ਤੁਸੀਂ ਇਹ ਨਕਲੀ ਸੇਰ ਦੀ ਅਸਲੀਅਤ ਪ੍ਰਗਟ ਹੋਣ ਤੇ ਬਹੁਤ ਹੱਸ ਰਹੇ ਹੋ, ਪਰ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਤੁਹਾਡੇ ਵਿੱਚੋਂ ਕੌਣ ਕੌਣ ਇਸ ਨਕਲੀ ਸ਼ੇਰਦਾ ਭਾਈ ਹੈ ।
ਗੁਰੂ ਸਾਹਿਬ ਕਹਿਣ ਲੱਗੇ, “ਸਿੰਘੋ ! ਸਾਡੇ ਵਿੱਚ ਅਨੇਕਾਂ ਕੱਚੇ ਪਿੱਲੇ ਵੀ ਹਨ ਜਿਨ੍ਹਾਂ ਨੇ ਦੇਖਾ ਦੇਖੀ ਸਿੰਘਾਂ ਵਾਲਾ ਸਰੂਪ ਬਣਾ ਲਿਆ ਹੈ ਪਰ ਅੰਦਰ ਰਹਿਣੀ ਰਹਿਤ ਸਿੰਘਾਂ ਵਾਲੀ ਨਹੀਂ । ਕੇਵਲ ਬਾਹਰਲਾ ਰੂਪ ਸਿੰਘਾਂ ਵਾਲਾ ਬਣਾ ਲੈਣ ਨਾਲ ਧਰਮ ਦੀ ਪ੍ਰਾਪਤੀ ਨਹੀਂ ਹੋ ਸਕਦੀ । ਜਿੱਥੇ ਅਸੀਂ ਆਪਣਾ ਬਾਹਰਲਾ ਸਰੂਪ ਸਿੰਘਾਂ ਵਾਲਾ ਬਣਾਉਣਾ ਹੈ ਉੱਥੇ ਆਪਣੇ ਅੰਦਰ ਸਿੰਘਾਂ ਵਾਲੇ ਗੁਣ ਵੀ ਧਾਰਨ ਕਰਨੇ ਹਨ । ਜੇਕਰ ਅੰਦਰ ਸਿੱਖੀ ਦੇ ਗੁਣ ਨਾ ਹੋਣ ਤਾਂ ਬਾਹਰਲਾ ਰੂਪ ਵਿਖਾਵਾ ਬਣ ਜਾਂਦਾ ਹੈ । ਸਾਡੇ ਅੰਦਰ ਸਿੰਘਾਂ ਵਾਲੀ ਦਲੇਰੀ, ਸੂਰਬੀਰਤਾ, ਪਰੋਪਕਾਰ ਦੀ ਭਾਵਨਾ ਦਾ ਹੋਣਾ ਜ਼ਰੂਰੀ ਹੈ । ਸਾਡਾ ਆਚਰਨ ਉੱਚਾ ਸੁੱਚਾ ਹੋਣਾ ਚਾਹੀਦਾ ਹੈ । ਜੇ ਸਾਡੇ ਅੰਦਰ ਸਿੱਖੀ ਦੇ ਸ਼ੁਭ ਗੁਣ ਨਹੀਂ ਹੋਣਗੇ ਤਾਂ ਸਾਡੀ ਹਾਲਤ ਉਸ ਖੋਤੇ ਵਾਲੀ ਹੋਵੇਗੀ ਜਿਸ ਨੇ ਸ਼ੇਰ ਵਾਲੀ ਖੱਲ ਪਾਈ ਹੋਵੇ ।”
ਫਿਰ ਗੁਰੂ ਜੀ ਨੇ ਸਾਰੀ ਸੰਗਤ ਨੂੰ ਇਹ ਵੀ ਦੱਸ ਦਿੱਤਾ ਕਿ ਉਨ੍ਹਾਂ ਨੇ ਆਪ ਹੀ ਖੋਤੇ ਉੱਤੇ ਸ਼ੇਰ ਦੀ ਖਲ ਮੜ੍ਹਾ ਕੇ ਨਗਰ ਵਿੱਚ ਛੱਡ ਦਿੱਤਾ ਸੀ ।
ਸਿੱਖਿਆ – ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਨਕਲੀ ਸਿੰਘ ਨਹੀਂ ਬਣਨਾ, ਸੱਚੇ ਸਿੱਖ ਬਣਨਾ ਹੈ । ਜਿੱਥੇ ਸਾਡਾ ਬਾਹਰਲਾ ਸਰੂਪ ਸਿੱਖਾਂ ਵਾਲਾ ਹੈ, ਉੱਥੇ ਅਸੀਂ ਆਪਣੇ ਅੰਦਰ ਸਿੱਖੀ ਵਾਲੇ ਗੁਣ ਵੀ ਧਾਰਨ ਕਰਨੇ ਹਨ । ਅਸੀਂ ਆਪਣੇ ਅੰਦਰ ਪਰਉਪਕਾਰ, ਮਿਠਾਸ, ਨੇਕੀ, ਸੁੱਚਾ ਆਚਰਨ, ਸੱਚ ਬੋਲਣਾ, ਸੂਰਬੀਰਤਾ ਆਦਿ ਗੁਣ ਧਾਰਨ ਕਰਨੇ ਹਨ । ਪੰਜ ਕਕਾਰਾਂ ਦੀ ਰਹਿਤ ਵੀ ਰੱਖਣੀ ਹੈ ਤੇ ਗੁਰਬਾਣੀ ਅਨੁਸਾਰ ਜੀਵਨ ਦੀ ਬਣਾਉਣਾ ਹੈ । ਅਸੀਂ ਹੋਰਨਾਂ ਧਰਮਾਂ ਦੇ ਵਿਸ਼ਵਾਸਾਂ, ਰਸਮਾਂ, ਰੀਤਾਂ, ਰਿਵਾਜਾਂ ਵਿੱਚ ਨਹੀਂ ਫਸਣਾ ।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏
#Harmanpreet Singh 🙏
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||
Wahegurug
ਵਾਹਿਗੁਰੂ ਜੀ🙏